Awaaz Qaum Di

ਆਓ ਸਿੰਘੋ! ਕੌਮ ਦੇ ਗਲ਼ੋਂ ਗ਼ੁਲ਼ਾਮੀ ਲਾਹ ਕੇ ਖ਼ਾਲਸਾ ਰਾਜ ਸਥਾਪਤ ਕਰੀਏ

ਜਗਤ ਗੁਰੂ, ਨਿਆਰੀ ਸਿੱਖ ਕੌਮ ਦੇ ਰਹਿਬਰ, ਆਪ ਨਿਰੰਕਾਰ, ਬ੍ਰਹਿਮੰਡੀ ਚੇਤਨਾ ਦੇ ਨਾਇਕ, ਉੱਚ ਮਿਆਰੀ ਕਦਰਾਂ-ਕੀਮਤਾਂ ਭਰਪੂਰ ਹਲੇਮੀ ਰਾਜ ਸੰਕਲਪ ਦੇ ਸਿਰਜਣਹਾਰੇ, ਬ੍ਰਾਹਮਣੀ ਕਰਮ-ਕਾਂਡਾਂ ਦੇ ਪਾਜ ਉਘੇੜਨ ਵਾਲ਼ੇ, ਬਾਬਰ ਨੂੰ ਜਾਬਰ ਆਖ ਵੰਗਾਰਨ ਵਾਲ਼ੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਅਤੇ ਦੇਗ ਤੇਗ ਦੇ ਧਨੀ, ਕਲਮ ਦੇ ਲਿਖਾਰੀ, ਜ਼ੁਲਮ ਦੇ ਸ਼ਿਕਾਰੀ, ਨੀਲੇ ਦੇ ਸ਼ਾਹ ਅਸਵਾਰ, ਖ਼ਾਲਸਈ ਫ਼ੌਜਾਂ ਦੇ ਸਰਦਾਰ, ਸਰਬੰਸ ਦਾਨੀ, ਕਲਗੀਧਰ ਪ੍ਰੀਤਮ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਸਾਜਿਆ-ਨਿਵਾਜਿਆ ‘ਖ਼ਾਲਸਾ ਪੰਥ’ ਮੁੱਢ ਤੋਂ ਹੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਆਜ਼ਾਦ ਹਸਤੀ ਦਾ ਮਾਲਕ ਰਿਹਾ ਹੈ।

ਸਤਿਗੁਰਾਂ ਦੀ ਇਸ ਬਖਸ਼ਿਸ਼ ਸਦਕਾ ਹੀ ਖ਼ਾਲਸੇ ਨੇ ਕਦੇ ਕਿਸੇ ਦੀ ਅਧੀਨਤਾ ਨਹੀਂ ਮੰਨੀ। ਗ਼ੁਲਾਮੀ ਅਤੇ ਬੇਇਨਸਾਫ਼ੀ ਖ਼ਿਲਾਫ਼ ਜੂਝਣ ਦੀ ਪ੍ਰੇਰਨਾ ਵੀ ਸਿੱਖਾਂ ਨੂੰ ਗੁਰੂ ਸਾਹਿਬ ਤੋਂ ਹੀ ਮਿਲ਼ੀ ਹੈ।

ਜਦੋਂ-ਜਦੋਂ ਵੀ ਸਿੱਖ ਨੂੰ ਇੱਕ ਹਕੂਮਤ ਤੋਂ ਬਾਅਦ ਦੂਜੀ ਹਕੂਮਤ ਨੇ ਗ਼ੁਲਾਮ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਖ਼ਾਲਸੇ ਦਾ ਸੰਘਰਸ਼ ਪਹਿਲਾਂ ਤੋਂ ਵਧ ਤਿੱਖਾ ਅਤੇ ਜੁਝਾਰੂ ਹੁੰਦਾ ਗਿਆ। ਗੁਰੂ ਦੀ ਮੇਹਰ ਸਦਕਾ ਖ਼ਾਲਸੇ ਨੇ ਹਰ ਸੰਘਰਸ਼ ਵਿੱਚ ਫ਼ਤਹਿ ਹਾਸਲ ਕੀਤੀ।

ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖਾਂ ਨੇ ਪਹਿਲਾ ਖ਼ਾਲਸਾ ਰਾਜ ਸਥਾਪਤ ਕੀਤਾ। ਮਗਰੋਂ ਸਿੱਖ ਮਿਸਲਾਂ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ‘ਚ ਸਿੱਖ ਰਾਜ ਅੱਗੇ ਵਧਿਆ, ਪਰ ਇਹ ਰਾਜ ੧੮੪੯ ‘ਚ ਬਿਪਰਵਾਦੀਆਂ ਦੀਆਂ ਗ਼ੱਦਾਰੀਆਂ ਕਰਕੇ ਖੁੱਸ ਗਿਆ। ਸੰਨ ੧੮੪੯ ਤੋਂ ਹੀ ਸਿੱਖ ਆਪਣਾ ਖੁੱਸਿਆ ਰਾਜ ਮੁੜ ਪ੍ਰਾਪਤ ਕਰਨ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਸ਼ਾਸਕ ਬਦਲਦੇ ਗਏ ਪਰ ਸਿੱਖਾਂ ਦਾ ਸੰਘਰਸ਼ ਜਾਰੀ ਰਿਹਾ।

ਇਸ ਲੰਮੇ ਦੌਰ ਵਿੱਚ ਸਿੱਖ, ਭਾਈ ਮਹਿਰਾਜ ਸਿੰਘ ਤੋਂ ਲੈ ਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਅਗਵਾਈ ਹੇਠ ਜਦੋਂ ਵੀ ਉੱਠੇ ਤਾਂ ਉਹਨਾਂ ਦਾ ਮੰਤਵ ਇੱਕੋ ਸੀ ‘ਕੌਮ ਦੇ ਗਲ਼ੋਂ ਗ਼ੁਲ਼ਾਮੀ ਲਾਹੁਣਾ ਅਤੇ ਖ਼ਾਲਸੇ ਦਾ ਰਾਜ ਸਥਾਪਤ ਕਰਨਾ।’

੧੯੪੭ ਦੀ ਭਾਰਤ-ਪਾਕਿ ਵੰਡ ਮੌਕੇ ਸਿੱਖਾਂ ਨੂੰ ਹਿੰਦੂ ਜਾਂ ਮੁਸਲਮਾਨ ਦੋਹਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਲਈ ਮਜ਼ਬੂਰ ਹੋਣਾ ਪਿਆ। ਉਸ ਨਾਜ਼ੁਕ ਮੌਕੇ ਸਿੱਖਾਂ ਨੇ ਹਿੰਦੂ ਭਾਈਚਾਰੇ ਨਾਲ਼ ਆਪਣਾ ਘਰ ਇਸ ਸੋਚ ਅਤੇ ਵਿਸ਼ਵਾਸ ਨਾਲ਼ ਸਾਂਝਾ ਕੀਤਾ ਕਿ ‘ਸਿੱਖ ਹਿੰਦੁਸਤਾਨ ‘ਚ ਬਰਾਬਰ ਦੇ ਹਿੱਸੇਦਾਰ ਹੋਣਗੇ, ਸਿੱਖ ਧਰਮ ਸੁਰੱਖਿਅਤ ਰਹੇਗਾ, ਸਿੱਖ ਰਾਜ-ਸੱਤਾ ਵਿੱਚ ਬਰਾਬਰ ਦੇ ਭਾਗੀਦਾਰ ਹੋਣਗੇ।’

ਪਰ ੨੬ ਜਨਵਰੀ ੧੯੫੦ ਨੂੰ ਲਾਗੂ ਹੋਏ ਸੰਵਿਧਾਨ ਨੇ ਸਿੱਖ ਆਸਾਂ ‘ਤੇ ਪਾਣੀ ਫੇਰ ਦਿੱਤਾ। ਸਿੱਖ ਕੌਮ ਮੁੜ ਇੱਕ ਵਾਰ ਖ਼ਾਲੀ ਹੱਥ ਰਹਿ ਗਈ। ਜਿਸ ਕੌਮ ਨੂੰ ਹਿੰਦੁਸਤਾਨ ਦੇ ਭਾਗੀਦਾਰ ਬਣਨ ਲਈ ਆਪਣੇ ਪਿਆਰੇ ਗੁਰਧਾਮਾਂ ਤੋਂ ਵਿਛੜਨਾ ਪਿਆ, ਉਸ ਕੌਮ ਨੂੰ ਕੁਝ ਵਰ੍ਹਿਆ ਅੰਦਰ ਹੀ ਅਹਿਸਾਸ ਹੋ ਗਿਆ ਕਿ ਉਹ ਇੱਕ ਗ਼ੁਲਾਮੀ ਤੋਂ ਬਾਅਦ ਨਵੀਂ ਗ਼ੁਲਾਮੀ ਵਿੱਚ ਜਕੜੀ ਗਈ ਹੈ।

੧੯੪੭ ਦੀ ਅਖੌਤੀ ਅਜ਼ਾਦੀ ਤੋਂ ਬਾਅਦ ਸਿੱਖਾਂ ਦਾ ਹਰ ਇੱਕ ਪਲ਼ ਜ਼ਿਆਦਤੀਆਂ ਅਤੇ ਜ਼ੁਲਮ ਸਹਿੰਦੇ ਗੁਜਰਿਆ ਹੈ। ਹਿੰਦ ਹਕੂਮਤ ਨੇ ਸਿੱਖਾਂ ਨੂੰ ਹਰ ਪਲ਼ ਸਤਾਈ ਰੱਖਿਆ ਤੇ ਇੱਕ ਦਿਨ ਵੀ ਸਿੱਖਾਂ ਨੂੰ ਚੈਨ ਨਾਲ਼ ਨਹੀਂ ਬੈਠਣ ਦਿੱਤਾ, ਸਿੱਖਾਂ ਦੇ ਹੱਕਾਂ ਅਤੇ ਜਜ਼ਬਾਤਾਂ ਦੀ ਰੱਤਾ ਪਰਵਾਹ ਨਾ ਕੀਤੀ, ਸਿੱਖਾਂ ਦੇ ਜਜ਼ਬਾਤਾਂ ਨੂੰ ਪੈਰਾਂ ਹੇਠ ਦਰੜਿਆ, ਤੇ ਸਿੱਖ ਭਾਵਨਾਵਾਂ ਦੀ ਖੂਬ ਖਿੱਲੀ ਉਡਾਈ।

ਜਦ ਸਮੇਂ-ਸਮੇਂ ‘ਤੇ ਸਿੱਖਾਂ ਨੇ ਆਪਣੇ ਜਾਇਜ਼ ਹੱਕਾਂ ਦੀ ਪ੍ਰਾਪਤੀ ਲਈ ਸ਼ਾਂਤਮਈ ਸੰਘਰਸ਼ ਵਿੱਢਿਆ ਤਾਂ ਉਸ ਨੂੰ ਕੁਚਲਣ ਲਈ ਸਰਕਾਰ ਨੇ ਸਿੱਖਾਂ ‘ਤੇ ਬੇ-ਤਹਾਸ਼ਾ ਤਸ਼ੱਦਦ ਅਤੇ ਅੱਤਿਆਚਾਰ ਕੀਤਾ।

ਸਿੱਖਾਂ ਦਾ ਧਰਮ, ਇਤਿਹਾਸ, ਬੋਲੀ, ਸਭਿਆਚਾਰ ਤੇ ਰਵਾਇਤਾਂ ਨੂੰ ਮਲੀਆਮੇਟ ਕਰਨ ਲਈ ਬ੍ਰਾਹਮਣੀ ਹਕੂਮਤ ਨੇ ਕਈ ਚਾਲਾਂ ਚੱਲੀਆਂ, ਕਦੇ ਦੁਸ਼ਮਣ ਬਣ ਕੇ, ਕਦੇ ਭਰਾ ਬਣ ਕੇ ਸਿੱਖਾਂ ਨੂੰ ਬਦਨਾਮ ਅਤੇ ਖ਼ਤਮ ਕਰਨ ਦਾ ਯਤਨ ਕੀਤਾ। ਸਿੱਖਾਂ ਨੂੰ ਸਿੱਖੀ ਤੋਂ ਬਾਗ਼ੀ ਕਰਨ ਲਈ ਹਰ ਹਰਬਾ ਵਰਤਿਆ। ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਦੇਸ਼ਧ੍ਰੋਹੀ ਅਤੇ ਦਹਿਸ਼ਤਗਰਦ ਕਹਿ ਕੇ ਨਿਸ਼ਾਨਾ ਬਣਾਇਆ।

ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਕੇ ਹਿੰਦ ਸਰਕਾਰ ਨੇ ਤਾਂ ਜ਼ੁਲਮ ਦੀ ਸਿਖ਼ਰ ਹੀ ਕਰ ਦਿੱਤੀ, ਤੇ ਸਰੀਰਕ ਹਮਲਿਆਂ ਤੋਂ ਬਾਅਦ ਸਿੱਖਾਂ ‘ਤੇ ਮਾਨਸਿਕ ਹਮਲੇ ਨਿਰੰਤਰ ਜਾਰੀ ਹਨ। ਸਿੱਖਾਂ ਦੇ ਧਰਮ ਅਸਥਾਨ, ਸਿਧਾਂਤ, ਇਤਿਹਾਸ ਆਦਿ ਸਭ ਕੁਝ ਹਿੰਦੂ ਸਰਕਾਰ ਦੇ ਨਿਸ਼ਾਨੇ ‘ਤੇ ਹੈ। ਪੰਜਾਬ ਦੇ ਟੋਟੇ ਤਾਂ ਦੋ ਵਾਰ ਹਕੂਮਤ ਕਰ ਹੀ ਚੁੱਕੀ ਹੈ ਤੇ ਹੋਰ ਹੱਲੇ ਹਾਲੇ ਵੀ ਜਾਰੀ ਹਨ।

ਦਰਿਆਈ ਪਾਣੀ ਲੁੱਟੇ ਜਾ ਰਹੇ ਨੇ, ਨਸ਼ਿਆਂ ਦੇ ਦਰਿਆ ਵਗ਼ ਰਹੇ ਨੇ, ਪਤਿਤਪੁਣਾ ਜ਼ੋਰਾਂ ‘ਤੇ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਸਿੱਖਿਆ ਸੰਸਥਾਵਾਂ ਤੇ ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਹੈ। ਨੌਜਵਾਨ ਮਜ਼ਬੂਰ ਹੋ ਕੇ ਆਪਣੀ ਧਰਤੀ ਛੱਡ ਰਹੇ ਨੇ, ਪੰਜਾਬ ਖਾਲੀ ਹੋ ਰਿਹਾ ਹੈ, ਦਾਤਾ ਪੰਜਾਬ ਭਿਖਾਰੀ ਬਣਨ ਦੀ ਕਗਾਰ ‘ਤੇ ਖੜਾ ਹੈ। ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ, ਮਿਲਾਵਟਖੋਰੀ, ਅਸ਼ਲੀਲਤਾ ਜ਼ੋਰਾਂ ‘ਤੇ ਹੈ। ਇਸ ਸਭ ਦੀ ਜ਼ਿੰਮੇਵਾਰ ਭਾਰਤ ਸਰਕਾਰ ਹੈ, ਜੋ ਪੰਜਾਬ ਨੂੰ ਬਰਬਾਦ ਕਰਨ ਦੇ ਰਾਹ ‘ਤੇ ਤੁਰੀ ਹੋਈ ਹੈ ਤੇ ਸਿੱਖ ਕੌਮ ਦਾ ਲੱਕ ਤੋੜਿਆ ਜਾ ਰਿਹਾ ਹੈ। ਸਾਨੂੰ ਘਸਿਆਰੇ ਬਣਾ ਕੇ ਮਾਰਿਆ ਜਾ ਰਿਹਾ ਹੈ।

ਆਪਣਾ ਵੱਖਰਾ ਰਾਜ ਪ੍ਰਾਪਤ ਕਰਨ ਤੋਂ ਬਿਨਾ ਸਿੱਖਾਂ ਤੋਂ ਹੋਰ ਕੋਈ ਦੂਜਾ ਰਾਹ ਨਹੀਂ ਹੈ। ਨਿਰਾਸ਼ਾਵਾਦੀ ਮਹੌਲ ‘ਚ ਵੀ ‘ਗੁਰੂ ਕਾ ਖ਼ਾਲਸਾ’ ਡਟਿਆ ਹੋਇਆ ਹੈ ਅਤੇ ਘੱਟ ਵਸੀਲਿਆਂ ਤੇ ਸੀਮਤ ਸਾਧਨਾਂ ਦੇ ਬਾਵਜੂਦ ਵੀ ਹਿੰਦੂ ਸਾਮਰਾਜ ਦੇ ਜ਼ੁਲਮਾਂ ਵਿਰੁੱਧ ਜੂਝ ਰਿਹਾ ਹੈ।

ਸਿੱਖ, ਆਪਣੇ ਪੰਜਾਬ ਨੂੰ ਕਦੇ ਵੀ ਹਿੰਦੂ ਰਾਸ਼ਟਰਵਾਦ ਦਾ ਹਿੱਸਾ ਨਹੀਂ ਬਣਨ ਦੇਣਗੇ। ਅਸੀਂ ਆਪਣੇ ਸ਼ਹੀਦਾਂ ਦੇ ਸੁਪਨੇ ਨੂੰ ਜ਼ਰੂਰ ਸਾਕਾਰ ਕਰਾਂਗੇ। ਗੁਰੂਆਂ, ਸੂਰਬੀਰਾਂ ਤੇ ਸ਼ਹੀਦਾਂ ਦੀ ਧਰਤੀ ਪੰਜਾਬ ‘ਤੇ ਖ਼ਾਲਸਾ ਰਾਜ ਦੇ ਝੰਡੇ ਝੁਲਾਵਾਂਗੇ। ਪੰਜਾਬ ਨੂੰ ਭਾਰਤ ਤੋਂ ਆਜ਼ਾਦ ਕਰਵਾ ਕੇ ਖ਼ਾਲਸੇ ਦੀ ਸ਼ਾਨੌ-ਸ਼ੌਕਤ ਨੂੰ ਮੁੜ ਬਹਾਲ ਕਰਾਂਗੇ।

ਪੰਜਾਬੀ ਸੂਬਾ ਮੋਰਚਾ, ਅਨੰਦਪੁਰ ਦਾ ਮਤਾ, ਧਰਮ ਯੁੱਧ ਮੋਰਚਾ ਅਤੇ ਖ਼ਾਲਿਸਤਾਨ ਦਾ ਐਲਾਨਨਾਮਾ ਦੇ ਪਿੱਛੇ ਸੋਚ ਅਤੇ ਭਾਵਨਾ ਇੱਕੋ ਹੀ ਸੀ ਕਿ ਅਸੀਂ ਕਿਸੇ ਦੇ ਅਧੀਨ ਨਹੀਂ ਰਹਿਣਾ, ਸਿੱਖਾਂ ‘ਚ ਰਾਜ ਦੀ ਕਾਮਨਾ ਹਮੇਸ਼ਾਂ ਹੀ ਜਿਉਂਦੀ ਅਤੇ ਜਾਗਦੀ ਰਹੀ ਹੈ ਤੇ ਸਿੱਖ ਆਪਣਾ ਰਾਜ-ਭਾਗ ਮੁੜ ਸਿਰਜਣ ਲਈ ਸੰਘਰਸ਼ਸ਼ੀਲ ਹਨ।

– ਰਣਜੀਤ ਸਿੰਘ ਦਮਦਮੀ ਟਕਸਾਲ

(ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ)

ਮੋ: 88722-93883 GM

 

 

Follow me on Twitter

Contact Us