Awaaz Qaum Di

ਗੁਰਬਾਣੀ ਦੇ ਨਿਤਨੇਮੀ, ਨਿਮਰਤਾ, ਇਮਾਨਦਾਰੀ, ਸਾਦਗੀ ਤੇ ਸੇਵਾ ਦੀ ਸੱਚੀ-ਸੁੱਚੀ ਮੂਰਤ ਸਨ ਸਰਦਾਰਨੀ ਕੁਲਦੀਪ ਕੌਰ ਗਰੇਵਾਲ


-ਦੂਜਿਆਂ ਦੇ ਦੁੱਖ-ਸੁੱਖ ਨੂੰ ਆਪਣਾ ਸਮਝਣ ਕੇ ਲੋੜਵੰਦਾਂ ਦੀ ਮਦਦ ਲਈ ਸਦਾ ਤਤਪਰ ਰਹਿੰਦੇ ਸਨ ਸਰਦਾਰਨੀ ਗਰੇਵਾਲ
ਲੁਧਿਆਣਾ (Harminder makkar) :
ਗੁਰਬਾਣੀ ਦੇ ਫੁਰਮਾਨ ”ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗ ਫਕੀਰ॥ ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ॥” ਅਨੁਸਾਰ ਕਰੀਬ 62 ਸਾਲਾਂ ਦੀ ਉਮਰ ਭੋਗ ਕੇ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ‘ਚ ਜਾ ਬਿਰਾਜੇ ਸਰਦਾਰਨੀ ਕੁਲਦੀਪ ਕੌਰ ਗਰੇਵਾਲ ਨਿਮਰਤਾ, ਸਾਦਗੀ, ਸੇਵਾ ਤੇ ਇਮਾਨਦਾਰੀ ਦੀ ਸੱਚੀ ਸੁੱਚੀ ਮੂਰਤ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦਾ ਅਥਾਹ ਵਿਸ਼ਵਾਸ਼ ਸੀ ਅਤੇ ਗੁਰਬਾਣੀ ਦਾ ਪਾਠ ਅਤੇ ਨਿਤਨੇਮ ਉਨ੍ਹਾਂ ਦੇ ਅੰਤਲੇ ਸਵਾਸਾਂ ਤੱਕ ਨਾਲ ਨਿਭਿਆ।  
ਬੇਸ਼ੱਕ ਅੱਜ ਦੇ ਜਮਾਨੇ ਵਿੱਚ 62 ਸਾਲਾਂ ਦੀ ਉਮਰ ਕੁਝ ਵੀ ਨਹੀਂ ਹੁੰਦੀ ਪਰੰਤੂ ਸਰਦਾਰਨੀ ਕੁਲਦੀਪ ਕੌਰ ਗਰੇਵਾਲ ਨੇ ਆਪਣੇ ਜੀਵਨ ਦੇ ਇਸ ਥੋੜੇ ਜਿਹੇ ਪੰਧ ਵਿੱਚ ਹੀ ਅਜਿਹੀਆਂ ਅਮਿਟ ਪੈੜਾਂ ਪਾਈਆਂ ਜੋ ਸਦਾ ਯਾਦ ਰਹਿਣਗੀਆਂ ਅਤੇ ਉਨ੍ਹਾਂ ਵੱਲੋਂ ਬਿਖੇਰੀ ਫੁੱਲਾਂ ਦੀ ਖੁਸ਼ਬੋਅ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਮਹਿਕਾਂ ਵੰਡਦੀ ਰਹੇਗੀ।
20 ਮਾਰਚ 1957 ਨੂੰ ਰਾਏਕੋਟ ਨੇੜਲੇ ਪਿੰਡ ਕਮਾਲਪੁਰ ‘ਚ ਪਿਤਾ ਸ. ਹਰਜੀਤ ਸਿੰਘ ਅਤੇ ਮਾਤਾ ਸਰਦਾਰਨੀ ਨਛੱਤਰ ਕੌਰ ਦੇ ਘਰ ਜਨਮੇ ਸਰਦਾਰਨੀ ਕੁਲਦੀਪ ਕੌਰ ਜਿੱਥੇ ਮਿੱਠਬੋਲੜੇ ਅਤੇ ਨਰਮ ਦਿਲ ਸੁਭਾਅ ਦੇ ਮਾਲਕ ਸਨ, ਉਥੇ ਹੀ ਉਹ ਦੂਜਿਆਂ ਦੇ ਦੁੱਖ-ਸੁੱਖ ਨੂੰ ਆਪਣਾ ਸਮਝਕੇ ਲੋੜਵੰਦਾਂ ਦੀ ਮਦਦ ਲਈ ਸਦਾ ਤਤਪਰ ਰਹਿੰਦੇ ਸਨ ਅਤੇ ਇਸੇ ਨੂੰ ਹੀ ਆਪਣਾ ਧਰਮ ਸਮਝਦੇ ਸਨ। ਉਹ ਬਹੁਤ ਹੀ ਸਾਊ, ਮਿਲਣਸਾਰ, ਗੁਰੂ ਘਰ ਦੇ ਸੇਵਾਦਾਰ ਹੋਣ ਦੇ ਨਾਲ-ਨਾਲ ਸਦਾ ਗੁਰੂ ਦੇ ਭਾਣੇ ‘ਚ ਰਹਿੰਦੇ ਸਨ।
ਲੁਧਿਆਣਾ ਦੇ ਪਿੰਡ ਦਾਦ ਦੇ ਉੱਘੇ ਜਿੰਮੀਦਾਰ ਪਰਿਵਾਰ ਦੇ ਸ. ਕਰਤਾਰ ਸਿੰਘ ਗਰੇਵਾਲ ਦੀ ਨੂੰਹ ਅਤੇ ਸ. ਜਗਦੀਸ਼ ਪਾਲ ਸਿੰਘ ਗਰੇਵਾਲ ਦੀ 1979 ‘ਚ ਜੀਵਨ ਸਾਥਣ ਬਣੇ ਸਰਦਾਰਨੀ ਕੁਲਦੀਪ ਕੌਰ ਗਰੇਵਾਲ ਦਾ ਜੀਵਨ ਇੱਕ ਮਿਸਾਲ ਬਣਕੇ ਦੂਜਿਆਂ ਲਈ ਹਮੇਸ਼ਾਂ ਪ੍ਰੇਰਣਾ ਸਰੋਤ ਰਿਹਾ ਹੈ। ਉਨ੍ਹਾਂ ਨੇ ਇਲਾਕੇ ਦੀ ਉੱਘੀ ਸ਼ਖ਼ਸੀਅਤ ਸ. ਕਰਤਾਰ ਸਿੰਘ ਗਰੇਵਾਲ ਦੀ ਨੂੰਹ ਬਣਨ ਮਗਰੋਂ ਇਸ ਪਰਿਵਾਰ ‘ਚ ਆਪਣੀ ਲਿਆਕਤ, ਸੂਝ-ਬੂਝ ਅਤੇ ਸਮਝਦਾਰੀ ਸਦਕਾ ਆਪਣੀ ਇੱਕ ਵੱਖਰੀ ਪਛਾਣ ਬਣਾਈ ਅਤੇ ਉਹ ਗਰੇਵਾਲ ਪਰਿਵਾਰ ਹੀ ਨਹੀਂ ਬਲਕਿ ਇਲਾਕੇ ਵਿੱਚ ਵੀ ਹਰਮਨ ਪਿਆਰੀ ਸ਼ਖ਼ਸੀਅਤ ਬਣਕੇ ਉਭਰੇ।
ਬੀਬੀ ਗਰੇਵਾਲ ਪਰਮਾਤਮਾ ਵੱਲੋਂ ਪਰਿਵਾਰ ਨੂੰ ਬਖ਼ਸ਼ੀ ਬੇਸ਼ੁਮਾਰ ਜਾਇਦਾਦ ਹੋਣ ਦੇ ਬਾਵਜੂਦ ਹਮੇਸ਼ਾ ਹੀ ਸਾਦਗੀ ਵਾਲਾ ਜੀਵਨ ਬਤੀਤ ਕਰਦੇ ਰਹੇ ਅਤੇ ਲੋੜਵੰਦਾਂ ਦੀ ਮਦਦ ਲਈ ਸਦਾ ਤਤਪਰ ਰਹੇ ਜਿਸ ਕਰਕੇ ਉਨ੍ਹਾਂ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਸਗੋਂ ਉਨ੍ਹਾਂ ਦੇ ਸ਼ੁੱਭ ਚਿੰਤਕਾਂ ‘ਚ ਵੀ ਸੋਗ ਦੀ ਲਹਿਰ ਹੈ।
ਸਰਦਾਰਨੀ ਗਰੇਵਾਲ ਨੇ ਆਪਣੀਆਂ ਧੀਆਂ ਬੀਬਾ ਕਮਲਜੀਤ ਕੌਰ ਚਹਿਲ, ਜੋ ਕਿ ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤ ਇੰਦਰ ਸਿੰਘ ਚਹਿਲ ਦੇ ਸਪੁੱਤਰ ਸ. ਬਿਕਰਮਜੀਤ ਇੰਦਰ ਸਿੰਘ ਚਹਿਲ ਦੀ ਸੁਪਤਨੀ ਹਨ ਨੂੰ ਐਮ.ਕਾਮ ਦੀ ਸਿੱਖਿਆ ਦਿਵਾਈ ਜਦੋਂਕਿ ਦੂਜੀ ਪੁੱਤਰੀ ਬੀਬਾ ਸੁਖਪ੍ਰੀਤ ਕੌਰ ਨੂੰ ਐਮ.ਏ. ਅੰਗਰੇਜ਼ੀ ਸਮੇਤ ਸਪੁੱਤਰ ਇਕਬਾਲ ਸਿੰਘ ਨੂੰ ਵੀ ਉਚੇਰੀ ਸਿੱਖਿਆ ਦਿਵਾਉਣ ਦੇ ਨਾਲ-ਨਾਲ ਚੰਗੇ ਸੰਸਕਾਰ ਵੀ ਦਿੱਤੇ। ਸਰਦਾਰਨੀ ਗਰੇਵਾਲ ਵੱਲੋਂ ਦਿੱਤੇ ਚੰਗੇ ਸੰਸਕਾਰਾਂ ਦੀ ਮਿਸਾਲ ਬੀਬਾ ਕਮਲਜੀਤ ਕੌਰ ਚਹਿਲ ਤੇ ਸੁਖਪ੍ਰੀਤ ਕੌਰ ਢਿੱਲੋਂ ਅਤੇ ਸਪੁੱਤਰ ਸ. ਇਕਬਾਲ ਸਿੰਘ ਗਰੇਵਾਲ ‘ਚ ਸਪੱਸ਼ਟ ਨਜ਼ਰ ਆਉਂਦੀ ਹੈ।
ਬੀਬਾ ਕਮਲਜੀਤ ਕੌਰ ਚਹਿਲ ਪਟਿਆਲਾ ਸਥਿਤ ਆਪਣੇ ਸਹੁਰੇ ਘਰ ਚਹਿਲ ਪਰਿਵਾਰ ਵਿਖੇ ਸਭਨਾਂ ਦੇ ਹਰਮਨ ਪਿਆਰੇ ਹੋਣ ਦੇ ਨਾਲ-ਨਾਲ ਆਪਣੀ ਮਾਤਾ ਜੀ ਵੱਲੋਂ ਸਿਖਾਏ ਸਦਗੁਣਾਂ ਸਦਕਾ ਅਤੇ ਉਨ੍ਹਾਂ ਵੱਲੋਂ ਦਿਖਾਏ ਰਸਤੇ ‘ਤੇ ਚੱਲਦਿਆਂ ਲੋੜਵੰਦਾਂ ਦੀ ਮਦਦ ਕਰਨ ਦੇ ਨਾਲ-ਨਾਲ ਸਮਾਜ ਸੇਵਾ ਵਿੱਚ ਵੀ ਉੱਘਾ ਯੋਗਦਾਨ ਪਾ ਰਹੇ ਹਨ।
ਸਰਦਾਰਨੀ ਗਰੇਵਾਲ ਦੇ ਸਪੁੱਤਰ ਸ. ਇਕਬਾਲ ਸਿੰਘ ਗਰੇਵਾਲ ਆਪਣੀ ਪੁਸ਼ਤੈਨੀ ਜਾਇਦਾਦ ਅਤੇ ਕਾਰੋਬਾਰ ਨੂੰ ਬਹੁਤ ਸੁਚੱਜੇ ਢੰਗ ਨਾਲ ਸੰਭਾਲਣ ਸਮੇਤ ਆਪਣੀ ਮਾਤਾ ਜੀ ਵੱਲੋਂ ਦਿੱਤੇ ਸੰਸਕਾਰਾਂ ਦੀ ਬਦੌਲਤ ਹੀ ਪੰਜਾਬ ਦੀ ਸਿਆਸਤ ਅਤੇ ਲੋਕ ਸੇਵਾ ‘ਚ ਜੁੱਟੇ ਹੋਏ ਹਨ। ਉਹ 2015 ਵਿੱਚ ਕਾਂਗਰਸ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਐਨ.ਐਸ.ਯੂ.ਆਈ. ਦੇ ਚੁਣੇ ਹੋਏ ਪੰਜਾਬ ਪ੍ਰਧਾਨ ਬਣੇ ਅਤੇ ਉਨ੍ਹਾਂ ਨੇ 2017 ‘ਚ ਪੰਜਾਬ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।
ਬੀਬੀ ਗਰੇਵਾਲ ਦਾ ਆਪਣੇ ਪਰਿਵਾਰ ਨਾਲ ਬਹੁਤ ਲਗਾਓ ਸੀ, ਜਿੱਥੇ ਉਨ੍ਹਾਂ ਨੇ ਗਰੇਵਾਲ ਪਰਿਵਾਰ ਨੂੰ ਇੱਕਜੁਟ ਅਤੇ ਸੰਭਾਲ ਕੇ ਰੱਖਿਆ ਹੋਇਆ ਸੀ ਉਥੇ ਹੀ ਹਰ ਔਕੜ ਦਾ ਡੱਟਕੇ ਮੁਕਾਬਲਾ ਕੀਤਾ ਅਤੇ ਇਹੋ ਕੁਝ ਆਪਣੇ ਬੱਚਿਆਂ ਨੂੰ ਵੀ ਸਿਖਾਇਆ। ਉਹ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ, ਬੀਬਾ ਕਮਲਜੀਤ ਕੌਰ ਅਤੇ ਸ. ਬਿਕਰਮਜੀਤ ਇੰਦਰ ਸਿੰਘ ਚਹਿਲ ਦਾ ਸਪੁੱਤਰ ਅਤੇ ਉਨ੍ਹਾਂ ਦਾ ਦੋਹਤਾ ਕਾਕਾ ਗੁਰਸ਼ੇਰ ਇੰਦਰ ਸਿੰਘ ਚਹਿਲ ਸਮੇਤ ਦੋਹਤੀਆਂ ਜਸਮੀਰਾ ਅਤੇ ਪਰੀਨੀਤ ਉਨ੍ਹਾਂ ਦੇ ਬਹੁਤ ਹੀ ਲਾਡਲੇ ਬੱਚੇ ਹਨ।
ਇੱਕ ਸ਼ਾਇਰ ਮੁਤਾਬਕ ‘ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਤੇ ਨਜ਼ਰ ਨਾ ਆਏ’ ਅਨੁਸਾਰ ਅੱਜ ਜਦੋਂ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੀ ਬੇਹੱਦ ਲੋੜ ਸੀ, ਖਾਸ ਕਰਕੇ ਪਤੀ ਸ. ਜਗਦੀਸ਼ ਪਾਲ ਸਿੰਘ ਗਰੇਵਾਲ ਅਤੇ ਸਪੁੱਤਰ ਸ. ਇਕਾਬਲ ਸਿੰਘ ਗਰੇਵਾਲ, ਸਪੁੱਤਰੀਆਂ ਬੀਬਾ ਕਮਲਜੀਤ ਕੌਰ ਚਹਿਲ ਤੇ ਸੁਖਪ੍ਰੀਤ ਕੌਰ ਢਿੱਲੋਂ ਨੂੰ ਉਨ੍ਹਾਂ ਦੇ ਪਿਆਰ ਅਤੇ ਸੰਘਣੀ ਛਾਂ ਦੀ ਲੋੜ ਸੀ ਤਾਂ ਅਜਿਹੇ ਸਮੇਂ ਅਚਿੰਤੇ ਬਾਜ ਪਏ ਅਤੇ ਸਰਦਾਰਨੀ ਗਰੇਵਾਲ ਨੂੰ ਆਪਣਾ ਹਰਿਆ-ਭਰਿਆ ਪਰਿਵਾਰ ਛੱਡਕੇ ਪਰਮਾਤਮਾ ਦੇ ਚਰਨਾਂ ‘ਚ ਵਿਲੀਨ ਹੋਣਾ ਪਿਆ।
ਗੁਰਬਾਣੀ ਮੁਤਾਬਕ ਇਮਾਨਦਾਰ ਤੇ ਸੱਚਾ-ਸੁੱਚਾ ਜੀਵਨ ਜਿਉਣ ਵਾਲੇ ਸਰਦਾਰਨੀ ਗਰੇਵਾਲ ਬਹੁਤ ਦਿਆਲੂ ਸੁਭਾ ਦੇ ਸਨ ਅਤੇ ਜਦੋਂ ਉਨ੍ਹਾਂ ਨੂੰ ਪਤਾ ਚੱਲਦਾ ਕਿ ਕੋਈ ਨੇੜਲਾ ਬਿਮਾਰ ਹੈ ਤਾਂ ਉਹ ਉਸ ਦੀ ਸਿਹਤਯਾਬੀ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰਦੇ ਸਨ। ਘਰ ਆਏ ਮਹਿਮਾਨਾਂ ਨੂੰ ਹੱਥੀਂ ਖਾਣਾ ਬਣਾ ਕੇ ਖੁਆਉਣਾ ਅਤੇ ਦੂਜਿਆਂ ਦੀ ਸੇਵਾ ਕਰਨੀ ਉਨ੍ਹਾਂ ਦੇ ਸੁਭਾਅ ਦਾ ਇੱਕ ਵਡਮੁੱਲਾ ਹਿੱਸਾ ਸੀ, ਇੱਥੋਂ ਤੱਕ ਕਿ ਆਪਣੀ ਬਿਮਾਰੀ ਦੇ ਔਖੇ ਸਮੇਂ ਵੀ ਆਏ-ਗਏ ਨੂੰ ਚਾਹ-ਪਾਣੀ ਪਿਆਉਣ ਅਤੇ ਖਾਣਾ ਖੁਆਏ ਤੋਂ ਬਿਨ੍ਹਾਂ ਨਹੀਂ ਸਨ ਜਾਣ ਦਿੰਦੇ।
ਸਰਦਾਰਨੀ ਕੁਲਦੀਪ ਕੌਰ ਗਰੇਵਾਲ ਨੇ ਆਪਣੇ ਸਰੀਰ ‘ਤੇ ਆਈ ਬਿਮਾਰੀ ਦਾ ਸਾਹਮਣਾ ਵੀ ਬੜੇ ਦ੍ਰਿੜ ਹੌਂਸਲੇ ਨਾਲ ਕੀਤਾ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰ, ਖਾਸ ਕਰਕੇ ਸਪੁੱਤਰ ਸ. ਇਕਬਾਲ ਸਿੰਘ ਗਰੇਵਾਲ ਅਤੇ ਸਪੁੱਤਰੀਆਂ ਬੀਬਾ ਕਮਲਜੀਤ ਕੌਰ ਚਹਿਲ ਤੇ ਸੁਖਪ੍ਰੀਤ ਕੌਰ ਢਿੱਲੋਂ ਨੇ ਦਿਨ-ਰਾਤ ਇੱਕ ਕਰਕੇ ਉਨ੍ਹਾਂ ਦੀ ਸੇਵਾ ਕੀਤੀ ਪ੍ਰੰਤੂ ਪਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ ਅਤੇ ਉਹ ਵਾਹਿਗੁਰੂ ਵੱਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਖਰਚ ਕਰਕੇ ਮਿਤੀ 15 ਜਨਵਰੀ 2020 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ, ਜਿਸ ਕਰਕੇ ਗਰੇਵਾਲ, ਚਹਿਲ ਅਤੇ ਢਿੱਲੋਂ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਸਰਦਾਰਨੀ ਕੁਲਦੀਪ ਕੌਰ ਗਰੇਵਾਲ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਅਤੇ ਅੰਤਿਮ ਅਰਦਾਸ, ਗਰੇਵਾਲ ਨਿਵਾਸ, ਪਿੰਡ ਦਾਦ, ਪੱਖੋਵਾਲ ਰੋਡ ਲੁਧਿਆਣਾ ਵਿਖੇ ਮਿਤੀ 24 ਜਨਵਰੀ 2020 ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਹੋਵੇਗੀ। ਇਸ ਦੌਰਾਨ ਉੱਘੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਸਮੇਤ ਦੋਸਤ ਮਿੱਤਰ ਤੇ ਰਿਸ਼ਤੇਦਾਰ ਸ਼ਾਮਲ ਹੋਕੇ ਵਿਛੜੀ ਆਤਮਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। GM

 

 

Follow me on Twitter

Contact Us