Awaaz Qaum Di

ਨੈਸ਼ਨਲ ਅਪਰੈਂਟੇਸ਼ਿਪ ਪ੍ਰੋਗਰਾਮ ਯੋਜਨਾ ਸੰਬੰਧੀ ਲੁਧਿਆਣਾ ਵਿੱਚ ਵਰਕਸ਼ਾਪ ਦਾ ਆਯੋਜਨ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ
ਲੁਧਿਆਣਾ (Harminder makkar)-ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਕਵਾਇਦ ਨੂੰ ਅੱਗੇ ਤੋਰਦਿਆਂ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਵੱਲੋਂ ਲੁਧਿਆਣਾ ਵਿੱਚ ਨੈਸ਼ਨਲ ਅਪਰੈਂਟੇਸ਼ਿਪ ਪ੍ਰੋਮੋਸ਼ਨ ਯੋਜਨਾ (ਨੈਪਸ) ਬਾਰੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਵਰਕਸ਼ਾਪ ਵਿੱਚ ਨੈਸ਼ਨਲ ਸਕਿੱਲ ਡਿਵੈੱਲਪਮੈਂਟ ਕਾਰਪੋਰੇਸ਼ਨ, ਸਨਅਤੀ ਭਾਈਵਾਲ, ਪ੍ਰਧਾਨ ਮੰਤਰੀ ਕੌਂਸ਼ਲ ਵਿਕਾਸ ਯੋਜਨਾ ਅਤੇ ਕੰਪਨੀਆਂ ਦੇ ਨੁਮਾਇੰਦਿਆਂ ਨੇ ਵੀ ਭਾਗ ਲਿਆ।
ਵਰਕਸ਼ਾਪ ਦੌਰਾਨ ਸਨਅਤੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਨੈਪਸ ਨੂੰ ਸਹਿਯੋਗ ਕਰਨ ਅਤੇ ਇਸ ਯੋਜਨਾ ਦਾ ਭਰਪੂਰ ਲਾਭ ਲੈਣ। ਸਕਿੱਲ ਡਿਵੈੱਲਪਮੈਂਟ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਨ ਲਈ ਸਨਅਤੀ ਯੂਨਿਟਾਂ ਵਿੱਚ ਅਪਰੈਂਟੇਸ਼ਿਪ ਪ੍ਰੋਗਰਾਮ ਨੂੰ ਲਾਜ਼ਮੀ ਕਰਨ ਬਾਰੇ ਵੀ ਕਿਹਾ ਗਿਆ ਹੈ। ਇਸ ਮੌਕੇ ਹਾਜ਼ਰ ਸਾਰੇ ਨੁਮਾਇੰਦਿਆਂ ਨੂੰ ਇਸ ਯੋਜਨਾ ਬਾਰੇ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਤਾਂ ਜੋ ਇਸ ਯੋਜਨਾ ਨੂੰ ਲੋਕਾਂ ਤੱਕ ਲਿਜਾਇਆ ਜਾ ਸਕੇ ਅਤੇ ਇਸ ਦਾ ਲਾਭ ਉਨ੍ਹਾਂ ਨੂੰ ਦਿਵਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਸ੍ਰੀ ਅਗਰਵਾਲ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਹਮੇਸ਼ਾਂ ਹੀ ਸਨਅਤੀ ਇਕਾਈਆਂ ਲਈ ਪਹਿਲੀ ਪਸੰਦ ਰਿਹਾ ਹੈ। ਸਮੇਂ ਦੇ ਬਦਲਾਅ ਦੇ ਨਾਲ-ਨਾਲ ਕਈ ਨਵੀਂਆਂ ਸਨਅਤਾਂ ਵੀ ਸੂਬੇ ਵਿੱਚ ਆ ਰਹੀਆਂ ਹਨ। ਅਜਿਹੇ ਮੌਕੇ ਸਨਅਤੀ ਯੂਨਿਟਾਂ ਵਿੱਚ ਅਪਰੈਂਟੇਸ਼ਿਪ ਪ੍ਰੋਗਰਾਮ ਨੌਜਵਾਨਾਂ ਨੂੰ ਹੋਰ ਹੁਨਰਮੰਦ ਬਣਾ ਸਕਦੇ ਹਨ।
ਵਰਕਸ਼ਾਪ ਦੌਰਾਨ ਸਨਅਤੀ ਇਕਾਈਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਨੈਪਸ ਨੂੰ ਆਪਣੀਆਂ ਇਕਾਈਆਂ ਵਿੱਚ ਲਾਗੂ ਕਰਨ ਅਤੇ ਸਿਖਾਂਦਰੂਆਂ ਨੂੰ ਭਰਤੀ ਕਰਨ। ਸਰਕਾਰ ਵੱਲੋਂ ਇਸ ਵਿੱਚ ਬਣਦੀ ਆਰਥਿਕ ਸਹਾਇਤਾ ਵੀ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਦੇ ਜਨਰਲ ਮੈਨੇਜਰ ਸ੍ਰ. ਸੁਖਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਐੱਸ. ਡੀ. ਐੱਮ. ਜਗਰਾਂਉ ਸ੍ਰ. ਬਲਜਿੰਦਰ ਸਿੰਘ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਸ੍ਰੀ ਮਹੇਸ਼ ਖੰਨਾ, ਮਿਸ ਸਵਾਤੀ ਠਾਕੁਰ ਮਿਸ਼ਨ ਮੈਨੇਜਰ, ਮਿਸ ਗੀਤਾਂਜਲੀ ਅਗਰਵਾਲ ਰਿਸੋਰਸ ਪਰਸਨ, ਸ੍ਰੀ ਨਿਰਭੈਅ ਸ੍ਰੀਵਾਸਤਵਾ ਅਤੇ ਹੋਰ ਵੀ ਕਈ ਹਾਜ਼ਰ ਸਨ। GM

 

 

Follow me on Twitter

Contact Us